- ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਇਸ ਸਬੰਧੀ ਗੱਲਬਾਤ ਕਰਨ ਦਾ ਦਿੱਤਾ ਭਰੋਸਾ -
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮੰਗ ਪੱਤਰ ਦਿੰਦਾ ਹੋਇਆ । |
ਚੰਡੀਗੜ੍ਹ ,17 ਨਵੰਬਰ (ਸੁਖਪਾਲ ਸਿੰਘ ਢਿੱਲੋਂ)-
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਇੱਕ ਵਫ਼ਦ ਅੱਜ ਚੰਡੀਗੜ੍ਹ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੂੰ ਮਿਲਿਆ ਤੇ ਉਹਨਾਂ ਨੂੰ ਆਪਣੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ । ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਵੰਬਰ 2017 ਵਿੱਚ ਆਂਗਣਵਾੜੀ ਸੈਂਟਰਾਂ ਦੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲ ਕਰ ਲਏ ਤੇ ਸੈਟਰ ਖਾਲੀ ਕਰਕੇ ਰੱਖ ਦਿੱਤੇ ਅਤੇ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਵਾਲੇ ਵਲੰਟੀਅਰਜ਼ ਨੂੰ ਹੀ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਣ ਬਾਰੇ ਕਹਿ ਦਿੱਤਾ ਗਿਆ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ 3 ਤੋਂ 6 ਸਾਲ ਦੇ ਬੱਚੇ ਪਹਿਲ ਦੇ ਆਧਾਰ ਤੇ ਆਂਗਣਵਾੜੀ ਸੈਂਟਰਾਂ ਵਿੱਚ ਹੀ ਰਹਿਣਗੇ ਅਤੇ ਆਂਗਣਵਾੜੀ ਵਰਕਰ ਨੂੰ ਜੇਕਰ ਉਹ ਪਲੱਸ ਟੂ ਹੈ ਤਾਂ 6 ਮਹੀਨੇ ਦਾ ਪੱਤਰ ਵਿਹਾਰ ਕੋਰਸ ਕਰਵਾ ਕੇ ਪ੍ਰੀ ਨਰਸਰੀ ਟੀਚਰ ਅਤੇ ਜੇਕਰ ਪਲੱਸ ਟੂ ਤੋਂ ਘੱਟ ਹੈ ਤਾਂ ਇੱਕ ਸਾਲ ਦਾ ਡਿਪਲੋਮਾ ਕੋਰਸ ਕਰਵਾ ਕੇ ਪ੍ਰੀ ਨਰਸਰੀ ਟੀਚਰ ਲਾਇਆ ਜਾਵੇ । ਪਰ ਪੰਜਾਬ ਸਰਕਾਰ ਨੇ ਸ਼ਰੇਆਮ ਧੱਕਾ ਕਰਦੇ ਹੋਏ ਆਂਗਣਵਾੜੀ ਕੇਂਦਰਾਂ ਦੇ ਬੱਚੇ ਪਿਛਲੇਂ 4 ਸਾਲਾਂ ਤੋਂ ਸਕੂਲਾਂ ਵਿੱਚ ਡੱਕੇ ਹੋਏ ਹਨ , ਜਿਥੇ ਬੱਚਿਆਂ ਨੂੰ ਸਿਰਫ਼ ਬਿਠਾ ਕੇ ਰੱਖਿਆ ਜਾਂਦਾ ਹੈ ਜਦ ਕਿ ਆਂਗਣਵਾੜੀ ਸੈਂਟਰਾਂ ਵਿੱਚ ਇਹਨਾਂ ਕੋਮਲ ਬੱਚਿਆਂ ਦੀ ਸਿਹਤ , ਖੁਰਾਕ , ਖੇਡਣ ਅਤੇ ਟੀਕਾਕਰਨ ਦਾ ਖਿਆਲ ਕੀਤਾ ਜਾਂਦਾ ਹੈ । ਜਦੋਂ ਕਿ ਵਰਕਰਾਂ ਤੇ ਹੈਲਪਰਾਂ ਪੂਰਾ ਟਰੇਡ ਹੁੰਦੀਆਂ ਹਨ । ਸਕੂਲ ਦੇ ਮਹੌਲ ਵਿੱਚ ਇਹਨਾਂ ਛੋਟੇ ਬੱਚਿਆਂ ਦਾ ਸਰਵਪੱਖੀ ਵਿਕਾਸ ਬਿਲਕੁਲ ਨਹੀਂ ਹੋ ਸਕਦਾ । ਦੂਸਰਾ ਇਹ ਨਵੀਂ ਸਿੱਖਿਆ ਨੀਤੀ 2020 ਦੀ ਉਲੰਘਣਾ ਹੈ । ਹਰਗੋਬਿੰਦ ਕੌਰ ਨੇ ਕਿਹਾ ਕਿ ਇਹਨਾਂ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਵਾਪਸ ਭੇਜੇ ਜਾਣ ਅਤੇ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਵਫ਼ਦ ਦੀ ਗੱਲ ਸੁਣ ਕੇ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਹੁਣ ਤੱਕ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ । ਉਹ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਤੇ ਸਾਰਾ ਮਾਮਲਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਧਿਆਨ ਵਿੱਚ ਲਿਆਉਣੇ । ਉਹਨਾਂ ਕਿਹਾ ਕਿ ਹਫ਼ਤੇ ਦਸ ਦਿਨਾਂ ਤੱਕ ਸਾਰਾ ਮਸਲਾ ਦੇਖਦੇ ਹਨ । ਇਸ ਮੀਟਿੰਗ ਵਿੱਚ ਯੂਨੀਅਨ ਦੀਆਂ ਆਗੂ ਜਸਵੀਰ ਕੌਰ ਦਸੂਹਾ , ਸਤਵੰਤ ਕੌਰ ਭੋਗਪੁਰ ਅਤੇ ਸ਼ਿੰਦਰਪਾਲ ਕੌਰ ਭੂੰਗਾ ਮੋਜੂਦ ਸਨ ।