ਜਸਵਿੰਦਰ ਸਿੰਘ ਨੰਦਗੜ੍ਹ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਹਨ ਤੇ ਅਸੀਂ 1984-85 ਤੋਂ ਲੈ ਕੇ ਇਕੱਠੇ ਰਹੇ ਹਾਂ । ਖਾੜਕੂ ਲਹਿਰ ਦੌਰਾਨ ਵੀ ਉਹਨਾਂ ਨੇ ਚੰਗਾ ਰੋਲ ਅਦਾ ਕੀਤਾ । ਫੈਡਰੇਸ਼ਨ ਦੀਆਂ ਸਰਗਰਮੀਆਂ ਵਿੱਚ ਹਿੱਸਾ ਲਿਆ । ਸਾਹਿਤ ਤੇ ਸੱਭਿਆਚਾਰ ਨਾਲ ਵੀ ਉਹ ਚੰਗਾ ਲਗਾਵ ਰੱਖਦਾ ਸੀ । ਸਾਡੇ ਨਾਲ ਸੱਭਿਆਚਾਰਕ ਮੇਲਾ ਕਰਵਾਉਣ ਸਮੇਂ ਮੱਦਦ ਕਰਦਾ ਰਿਹਾ ਹੈ । ਕਲਾਕਾਰਾਂ ਨੂੰ ਮਿਲ ਕੇ ਬੜਾ ਖੁਸ਼ ਹੁੰਦਾ ਸੀ । ਮੈਂ ਬਹੁਤ ਸਾਰੇ ਕਲਾਕਾਰਾਂ ਨੂੰ ਮਿਲਾਇਆ । ਦਿੱਲੀ ਬੈਠਾ ਵੀ ਮੈਨੂੰ ਜਿਥੇ ਸੰਘਰਸ਼ਾਂ ਦੇ ਪ੍ਰੋਗਰਾਮਾਂ ਦੀਆਂ ਫੋਟੋਆਂ ਭੇਜਦਾ ਰਹਿੰਦਾ ਹੈ ਉਥੇ ਨਾਲ ਹੀ ਜ਼ਰੂਰ ਪੁੱਛਦਾ ਕਿ ਫਲਾਣੇ ਕਲਾਕਾਰ ਦਾ ਕੀ ਹਾਲ ਆ । ਜਦੋਂ ਮੈਂ ਜੰਗ ਜਿੱਤ ਕੇ ਵਾਪਸ ਪਰਤਿਆ ਤਾਂ ਆਪਾ ਕਲਾਕਾਰਾਂ ਨੂੰ ਮਿਲਣ ਚੱਲਾਂਗੇ । ਪਰ ਜਸਵਿੰਦਰ ਨੇ ਹੁਣ ਮੁੜ ਕੇ ਨਹੀਂ ਆਉਣਾ ।
ਮੈਨੂੰ ਇਹ ਗੱਲ ਲਿਖਣ ਵਿੱਚ ਕੋਈ ਝਿਜਕ ਨਹੀਂ ਕਿ ਪਹਿਲਾਂ ਉਹਦੇ ਪਿੰਡ ਨੰਦਗੜ੍ਹ ਦੇ ਹੀ ਕੁੱਝ ਲੋਕ ਉਸ ਨੂੰ ਸ਼ਰਾਬੀ ਕਬਾਬੀ ਬੰਦਾ ਦੱਸਦੇ ਹੁੰਦੇ ਸਨ । ਪਰ ਹੁਣ ਉਹਦੀ ਕੁਰਬਾਨੀ ਨੂੰ ਯਾਦ ਕਰਕੇ ਰੋਂਦੇ ਆ । ਨੰਦਗੜ੍ਹ ਪਿੰਡ ਦੇ ਲੋਕਾਂ ਨੂੰ ਇਹ ਮਾਣ ਹੋਵੇਗਾ ਕਿ ਜਦੋਂ ਕਿਸਾਨੀ ਸੰਘਰਸ਼ ਦਾ ਇਤਹਾਸ ਸੁਨਿਹਰੀ ਪੰਨਿਆਂ ਤੇ ਲਿਖਿਆ ਜਾਵੇਗਾ ਤਾਂ ਉਦੋਂ ਪਿੰਡ ਨੰਦਗੜ੍ਹ ਦਾ ਨਾਂ ਹਰ ਥਾਂ ਤੇ ਬੋਲੂਗਾ ।
ਜਸਵਿੰਦਰ ਸਿੰਘ ਨੰਦਗੜ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਿਰਕੱਢ ਨੇਤਾ ਸੀ ਤੇ ਪਾਰਟੀ ਪ੍ਰਤੀ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਹਨ । ਜਦੋਂ 1989 ਵਿੱਚ ਚੋਣਾਂ ਦੌਰਾਨ ਅਕਾਲੀ ਦਲ ਵਾਲਿਆਂ ਨੂੰ ਕੋਈ ਪਿੰਡਾਂ ਵਿੱਚ ਨਹੀਂ ਵੜਨ ਦਿੰਦਾ ਸੀ ਤੇ ਸਾਰੇ ਮੈਬਰ ਪਾਰਲੀਮੈਟ ਮਾਨ ਦਲ ਦੇ ਬਣ ਗਏ ਸਨ ਤਾਂ ਉਸ ਵੇਲੇ ਜਸਵਿੰਦਰ ਸਿੰਘ ਵਰਗੇ ਨੋਜਵਾਨ ਹੀ ਅਕਾਲੀ ਦਲ ਦੀ ਢਾਲ ਬਣਕੇ ਖੜ੍ਹੇ ਸਨ । ਹੁਣ ਅਕਾਲੀ ਦਲ ਨੂੰ ਵੀ ਜਸਵਿੰਦਰ ਸਿੰਘ ਨੰਦਗੜ੍ਹ ਦੀ ਕੁਰਬਾਨੀ ਭੁੱਲਣੀ ਨਹੀਂ ਚਾਹੀਦੀ ।
ਸਾਨੂੰ ਬੜਾ ਮਾਣ ਹੈ ਜਸਵਿੰਦਰ ਸਿੰਘ ਨੰਦਗੜ੍ਹ ਦੀ ਸ਼ਹੀਦੀ ਤੇ , ਕਿਉਂਕਿ ਉਹਨਾਂ ਨੇ ਕਿਸਾਨੀ ਘੋਲ ਲਈ ਆਪਣੀ ਕੁਰਬਾਨੀ ਦੇ ਕੇ ਪੂਰੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਉੱਚਾ ਕੀਤਾ ਹੈ । ਸਲਾਮ ਹੈ ਸਾਡੇ ਇਸ ਦੋਸਤ ਨੂੰ । ਹਮੇਸ਼ਾਂ ਦਿਲ ਵਿੱਚ ਵੱਸਦਾ ਰਹੇਗਾ ।
------------------------------------
ਸੁਖਪਾਲ ਸਿੰਘ ਢਿੱਲੋਂ
ਮੋਬਾਈਲ ਨੰਬਰ -9815288208