ਸ੍ਰੀ ਮੁਕਤਸਰ ਸਾਹਿਬ -
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰਾਂ ਨਾਲ ਕਾਬੂ ਵਿੱਚ ਰੱਖਣ ਲਈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ ਦੀ ਗ੍ਰਿਫਤ ਵਿੱਚ ਲਿਆਉਣ ਲਈ ਜਿਲਾ ਪੁਲਿਸ ਮੁਖੀ ਸਰਬਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਦੀਆਂ ਹੱਦਾਂ ਅਤੇ ਸ਼ਹਿਰੀ ਇਲਾਕਿਆਂ ਦੇ ਮੁੱਖ ਚੌਰਾਹਿਆਂ ਤੇ 24 ਘੰਟੇ ਲਗਾਤਾਰ ਨਾਕੇ ਲਗਾਏ ਗਏ ਹਨ। ਇਹਨਾਂ ਨਾਕਿਆਂ ਤੇ ਪੁਲਿਸ ਕਰਮਚਾਰੀਆਂ ਦੀ ਹਾਜਰੀ ਚੈੱਕ ਕਰਨ ਅਤੇ ਸਮੇਂ ਸਮੇਂ ਸਿਰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਲਈ ਇਹਨਾਂ ਨਾਕਿਆਂ ਤੇ ਵੀਡੀਓ ਕੈਮਰੇ ਅਤੇ ਵਾਇਰਲੈੱਸ ਸੈੱਟ ਲਗਾਏ ਗਏ ਹਨ। ਜਿਲਾ ਪੁਲਿਸ ਦੇ ਲੋਕ ਸੰਪਰਕ ਅਧਿਕਾਰੀ ਜਗਸੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹਨਾਂ ਕੈਮਰਿਆਂ ਦੀ ਵਰਤੋਂ ਨਾਲ ਚੈਕਿੰਗ ਕਰਨ ਵਾਲੀ ਪੁਲਿਸ ਪਾਰਟੀ ਦੀ ਕਾਰਜਸ਼ੈਲੀ ਦੇ ਨਾਲ ਨਾਲ ਨਾਕਾ ਪਾਰਟੀ ਵੱਲੋਂ ਚੈੱਕ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਨਾਲ ਵਹੀਕਲਾਂ ਦਾ ਮੁਕੰਮਲ ਰਿਕਾਰਡ ਵੀ ਰੱਖਿਆ ਜਾ ਰਿਹਾ ਹੈ ਤਾਂ ਜੋ ਲੋੜ ਪੈਣ ਤੇ ਇਸ ਪ੍ਰਕਾਰ ਦੀ ਚੈਕਿੰਗ ਦੀ ਕਰਾਸ ਚੈਕਿੰਗ ਵੀ ਕੀਤੀ ਜਾ ਸਕੇ।ਜਿਲਾ ਪੁਲਿਸ ਮੁਖੀ ਵੱਲੋਂ ਇਸੇ ਸੰਦਰਭ ਵਿੱਚ ਇੱਕ ਹੋਰ ਪਹਿਲਕਦਮੀ ਕਰਦਿਆਂ ਇਹਨਾਂ ਸਾਰੇ ਕੈਮਰਿਆਂ ਦੀ ਮੌਨੀਟਰਿੰਗ ਆਪਣੇ ਵੱਲੋਂ ਨਿੱਜੀ ਤੌਰ ਤੇ ਕਰਨ ਦੇ ਮਕਸਦ ਨਾਲ ਇਹਨਾਂ ਕੈਮਰਿਆਂ ਨੂੰ ਇੰਟਰਨੈੱਟ ਦੀ ਮੱਦਦ ਨਾਲ ਆਪਣੇ ਦਫਤਰ ਅਤੇ ਜਿਲਾ ਪੁਲਿਸ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ। ਜਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦੀਆਂ ਹੱਦਾਂ, ਮੁੱਖ ਸੜਕਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਇਸ ਪ੍ਰਕਾਰ ਦੇ ਕੁੱਲ 12 ਨਾਕਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹਨਾਂ ਨਾਕਿਆਂ ਤੇ ਕਾਫੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਵੀ ਪੱਕੇ ਤੌਰ ਤੇ ਕਰ ਦਿੱਤੀ ਗਈ ਹੈ। ਜਿਲਾ ਪੁਲਿਸ ਮੁਖੀ ਵੱਲੋਂ ਇਹਨਾਂ ਨਾਕਿਆਂ ਤੇ ਤਾਇਨਾਤ ਕੀਤੇ ਗਏ ਸਾਰੇ ਕਰਮਚਾਰੀਆਂ ਅਤੇ ਨਾਕਾ ਪਾਰਟੀਆਂ ਦੇ ਇੰਚਾਰਜਾਂ ਨੂੰ ਖੁਦ ਬਰੀਫ ਕਰਕੇ ਚੈਕਿੰਗ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੇ ਪੁਲਿਸ ਦੇ ਕੰਮ ਕਾਜ ਦੌਰਾਨ ਵਰਤੋਂ ਵਿੱਚ ਆਉਣ ਵਾਲੀਆਂ ਵਿਗਿਆਨਕ ਵਿਧੀਆਂ ਬਾਰੇ ਸਮਝਾਇਆ ਗਿਆ ਅਤੇ ਜਗਦੀਸ਼ ਬਿਸ਼ਨੋਈ ਕਪਤਾਨ ਪੁਲਿਸ ਸਥਾਨਿਕ ਨੂੰ ਇਹਨਾਂ ਨਾਕਿਆਂ ਸਬੰਧੀ ਬਤੌਰ ਨੋਡਲ ਅਫਸਰ ਇਹਨਾਂ ਦੀ ਲਗਾਤਾਰ ਦੇਖ ਰੇਖ ਤੇ ਸੁਪਰਵੀਜਨ ਕਰਨ ਦੀ ਹਦਾਇਤ ਕੀਤੀ ਗਈ ।ਉਹਨਾਂ ਨਾਕਾ ਪਾਰਟੀਆਂ ਨੂੰ ਇਹ ਵੀ ਸਮਝਾਇਆ ਕਿ ਚੈਕਿੰਗ ਦੌਰਾਨ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾਲ ਨਾ ਆਉਣ ਦਿੱਤੀ ਜਾਵੇ।ਇਹਨਾਂ ਨਾਕਿਆਂ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਬਿਨਾਂ ਸ਼ੱਕ ਆਮ ਲੋਕਾਂ ਵਿੱਚ ਸੁੱਰਖਿਆ ਦੀ ਭਾਵਨਾ ਵਿੱਚ ਵਾਧਾ ਹੋਇਆ ਹੈ ਅਤੇ ਜਿਲਾ ਪੁਲਿਸ ਦੀਆਂ ਪ੍ਰਾਪਤੀਆਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ।