ਸੰਗਰੂੁਰ,28 ਅਕਤੂਬਰ (ਜਗਸੀਰ ਲੌਂਗੋਵਾਲ ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੇ ਭਲੇ ਲਈ ਰਾਜਨੀਤੀ ਕਰ ਰਹੀਆਂ ਸਿਆਸੀ ਧਿਰਾਂ ਨੂੰ ਹਊਮੇ ਛੱਡਕੇ ਸਾਂਝੀਆਂ ਕੋਸ਼ਿਸਾਂ ਲਈ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਦੀ ਨਜਾਕਤ ਨੂੰ ਨਾ ਸੰਭਾਲਿਆ ਤਾਂ ਲੋਕ ਸਾਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਹਨਾਂ ਕਿਹਾ ਕਿ ਭਾਜਪਾ, ਬਾਦਲ ਦਲ ਤੇ ਕਾਂਗਰਸ ਪਾਰਟੀ ਦੇ ਕੂੜ ਪ੍ਰਚਾਰ ਨਾਲ ਨਜਿੱਠਣ ਲਈ ਹੇਠਲੇ ਪੱਧਰ ਤੱਕ ਜਾਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਿਧਾਂਤਾਂ ਤੇ ਪੰਥਕ ਏਜੰਡਿਆਂ ਤੋਂ ਭੱਜੇ ਬਾਦਲ ਦਲ ਦੇ ਝੂਠ ਨੂੰ ਬੇਪਰਦ ਕਰਨ ਲਈ ਹੋਰ ਵੀ ਗੰਭੀਰਤਾ ਨਾਲ ਸਮਝ ਦੀ ਜਰੂਰਤ ਹੈ ਕਿਉਂਕਿ ਭਾਜਪਾ ਤੇ ਬਾਦਲ ਨੇ ਕਿਸਾਨ ਸੰਘਰਸ਼ ਨੂੰ ਕਮਜੋਰ ਕਰਨ ਦੀ ਵਿਉਂਤ ਬਣਾਈ ਹੋਈ ਹੈ।
ਇੱਥੇ ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਸਿਆਸੀ ਤਜਰਬੇ ਸਾਂਝੇ ਕਰਦਿਆਂ ਸ੍ਰ ਢੀਂਡਸਾ ਨੇ ਕਿਹਾ ਕਿ ਮੌਜੂਦਾ ਸਿਆਸੀ ਹਾਲਾਤਾਂ ਨੂੰ ਅਨੁਸਾਰ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਪਾਰਟੀ ਨੂੰ ਬਹੁਮੱਤ ਨਹੀਂ ਮਿਲੇਗਾ। ਇਸ ਕਰਕੇ ਚੋਣਾਂ ਤੋਂ ਪਹਿਲਾਂ ਹਮਖਿਆਲੀ ਸਿਆਸੀ ਧਿਰਾਂ ਦਾ ਗਠਜੋੜ ਹੋਰ ਵੀ ਜਰੂਰੀ ਬਣ ਜਾਂਦਾ ਹੈਤਾਂ ਕਿ ਅਜਿਹੀਆਂ ਤਾਕਤਾਂ ਸੱਤਾ ਉੱਤੇ ਕਾਬਜ ਹੋਣ ਲਈ ਇੱਕਠੀਆਂ ਨਾ ਹੋ ਜਾਣ ਜਿਹਨਾਂ ਨੂੰ ਪੰਜਾਬ ਦੇ ਲੋਕ ਸੱਤਾ ’ਤੇ ਉੱਕਾ ਹੀ ਨਹੀਂ ਦੇਖਣਾ ਚਾਹੁੰਦੇ। ਲੋਕ ਪੱਖੀ ਮਜਬੂਤ ਸਾਂਝਾ ਫਰੰਟ ਹੀ ਪੰਜਾਬ, ਸਿੱਖ ਤੇ ਕਿਸਾਨ ਵਿਰੋਧੀ ਤਾਕਤਾਂ ਨੂੰ ਹਰਾ ਸਕਦਾ ਹੈ। ਸ੍ਰ ਢੀਂਡਸਾ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਹਨਾਂ ਦੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨਾਲ ਸਮਝੌਤਾ ਨਹੀਂ ਕਰੇਗੀ ਕਿਉਂਕਿ ਉਹਨਾਂ ਉਹ ਪਹਿਲਾਂ ਹੀ ਬੀ ਐਸ ਐਫ ਦਾ ਘੇਰਾ ਵਧਾਉਣ ਦਾ¿; ਸਮਰਥਨ ਕਰ ਚੁੱਕੇ ਹਨ। ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਜ਼ੋਰਦਾਰ ਮਖਾਲਫ਼ਤ ਕਰਦੀ ਹੈ। ਸ੍ਰ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਰਿਊੜੀਆਂ ਵਾਂਗ ਵੰਡੀਆਂ ਜਾ ਰਹੀਆਂ ਟਿਕਟਾਂ ਦੀ ਕਾਰਵਾਈ ਨੇ ਸਾਡੇ ਵੱਲੋਂ ਕਹੀਆਂ ਗੱਲਾਂ ਉੱਪਰ ਮੋਹਰ ਲਾ ਦਿੱਤੀ ਹੈ। ਅਸੀਂ ਹਰ ਫਰੰਟ ਉੱਪਰ ਕਿਹਾ ਸੀ ਕਿ ਬਾਦਲ ਪਰਿਵਾਰ ਦੀ ਅਗਵਾਈ ਵਾਲਾ ਅਕਾਲੀ ਦਲ ਸਿਧਾਂਤਾ ਤੇ ਪੰਥਕ ਏਜੰਡੇ ਛੱਡਕੇ ਆਪਣੇ ਤੇ ਆਪਣੇ ਪਰਿਵਾਰਾਂ ਦੀਆਂ ਤਜੋਰੀਆਂ ਭਰਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਪਹਿਲਾਂ ਮਲੇਰਕੇਟਲੇ ਤੋਂ ਸੱਅਨਤਕਾਰ ਨੂੰ ਟਿਕਟ ਦੇਣ ਲਈ ਗਿਆ ਉਸਨੇ ਤੋੜਵਾ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਫੈਕਟਰੀ ਲਈ ਕੰਮ ਕਰਦੇ ਮੁਲਾਜਮ ਨੂੰ ਟਿਕਟ ਦੇ ਦਿੱਤੀ ਉਸਨੂੰ ਅਕਾਲੀ ਵਰਕਰਾਂ ਨੇ ਨਕਾਰ ਦਿੱਤਾ। ਇਸੇ ਤਰ੍ਹਾਂ ਸੰਗਰੂਰ ਹਲਕੇ ਤੋਂ ਇੱਕ ਅਮੀਰ ਘਰਾਣੇ ਨੂੰ ਟਿਕਟ ਦੇਣ ਗਏ। ਉਸ ਨੇ ਵੀ ਜਵਾਬ ਦੇ ਦਿੱਤਾ। ਸ੍ਰ ਢੀਂਡਸਾ ਨੇ ਕਿਹਾ ਕਿ ਬਾਦਲ ਦਲ ਦੇ ਬਹੁਤ ਸਾਰੇ ਆਗੂ ਛੇਤੀ ਹੀ ਬਗਾਵਤ ਕਰਕੇ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਨਾਲ ਜੁੜਨਗੇ। ਸ੍ਰ ਢੀਂਡਸਾ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦਾ ਰਵਾਇਤੀ ਸਮਰਥਨ ਅਕਾਲੀ ਦਲ ਸੰਯੁਕਤ ਨਾਲ ਹੈ। ਇਸ ਮੌਕੇ ਅਜੀਤ ਸਿੰਘ ਚੰਦੂਰਾਈਆਂ, ਮੁਹੰਮਦ ਤੂਫੈਲ, ਗੁਰਜੀਵਨ ਸਿੰਘ ਸਰੋਦ ਜਿਲ੍ਹਾ ਪ੍ਰਧਾਨ ਮਲੇਰਕੋਟਲਾ, ਗੁਰਜੇਤ ਸਿੰਘ ਝਨੇੜੀ, ਭਰਪੂਰ ਸਿੰਘ ਧਨੋਲਾ, ਦਲਬਾਰਾ ਸਿੰਘ ਚਹਿਲ ਪ੍ਰਧਾਨ ਸਰਕਲ ਪ੍ਰਧਾਨ, ਸੁਰਿੰਦਰ ਸਿੰਘ ਵਾਲੀਆ, ਰਵਿੰਦਰ ਸਿੰਘ ਰੰਮੀ ਢਿੱਲੋਂ ਜਿਲ੍ਹਾ ਪ੍ਰਧਾਨ ਬਰਨਾਲਾ, ਕੇਵਲ ਸਿੰਘ ਜਲਾਨ, ਏ ਪੀ ਸਿੰਘ ਬਾਬਾ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਖਾਲਸਾ ਅਤੇ ਗੁਰਮੀਤ ਸਿੰਘ ਜੌਹਲ ਵੀ ਮੌਜੂਦ ਸਨ ।