-2 ਮਿੰਟ ਮੋਨ ਧਾਰਨ ਕਰ ਦਿੱਤੀ ਸ਼ਰਧਾਂਜਲੀ, ਦੋਸ਼ੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ
ਸ੍ਰੀ ਮੁਕਤਸਰ ਸਾਹਿਬ, 4 ਅਕਤੂਬਰ- ਉੱਤਰ ਪ੍ਰਦੇਸ਼ ਦੇ ਪਿੰਡ ਲਖੀਮਪੁਰ ਖੀਰੀ ਵਿਖੇ ਸ਼ਾਂਤਮਈ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰ ਰਹੇ ਸ਼ਹੀਦ ਹੋਏ ਕਿਸਾਨਾਂ ਦੀ ਆਂਤਮਿਕ ਸ਼ਾਂਤੀ ਲਈ ਸਥਾਨਕ ਭਾਈ ਮਹਾਂ ਸਿੰਘ ਹਾਲ ਤੋਂ ਰੈਡ ਕਰਾਸ ਭਵਨ ਤੱਕ ਯੂਥ ਅਕਾਲੀ ਦਲ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ ਦੀ ਅਗੁਵਾਈ ਕਰਦਿਆਂ ਗੁਰਵੀਰ ਸਿੰਘ ਬਰਾੜ ਕਾਕੂ ਕੌਮੀ ਜਨਰਲ ਸਕੱਤਰ ਅਤੇ ਅਕਾਸ਼ਦੀਪ ਸਿੰਘ ਮਿੱਡੂਖੇੜਾ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਿਹਾਤੀ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਮੌਜੂਦਾ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਵੱਲੋਂ ਆਪਣੀ ਕਾਰ ਹੇਠਾਂ ਬੇਰਹਿਮੀ ਨਾਲ ਕੁਚਲੇ ਕਿਸਾਨਾਂ ਦੀ ਹੋਈ ਦਰਦਨਾਕ ਮੌਤ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਦੌਰਾਨ ਜਿੱਥੇ 2 ਮਿੰਟ ਦਾ ਮੌਨ ਧਾਰਨ ਕਰਕੇ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਉਥੇ ਇਸ ਮਾਮਲੇ ਵਿੱਚ ਦੋਸ਼ੀ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ। ਸਭ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਭਾਈ ਮਹਾਂ ਸਿੰਘ ਹਾਲ ਵਿਖੇ ਇਕੱਠੇ ਹੋਏ, ਜਿੱਥੋਂ ਕੈਂਡਲ ਮਾਰਚ ਕੱਢਦੇ ਹੋਏ ਕੋਟਕਪੂਰਾ ਚੌਂਕ ਪਹੁੰਚੇ। ਇਸ ਦੌਰਾਨ ਗੁਰਵੀਰ ਸਿੰਘ ਕਾਕੂ ਸੀਰਵਾਲੀ ਨੇ ਕਿਹਾ ਕਿ ਕਿਸਾਨ ਲਖਨਊ ਵਿਖੇ ਕੇਂਦਰ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਸਮਾਰਹੋ ਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੋਰਿਆ ਦੀ ਯਾਤਰਾ ਦੇ ਵਿਰੋਧ ਵਿੱਚ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਪਰ ਇਸਦੇ ਬਾਵਜੂਦ ਧਰਨਾ ਪ੍ਰਦਸ਼ਰਨ ਦੌਰਾਨ ਆਈਆਂ ਤਿੰਨ ਗੱਡੀਆਂ ਵੱਲੋਂ ਕਿਸਾਨਾਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ, ਜਿਸ ਨਾਲ ਦੋ ਕਿਸਾਨਾਂ ਦੀ ਦਰਦਨਾਕ ਮੌਤ ਹੋ ਗਈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਕ ਗੱਡੀ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਬੇਟਾ ਅਸ਼ੀਸ਼ ਮਿਸਰਾ ਵੀ ਸਵਾਰ ਸੀ। ਅੰਤ ਵਿੱਚ ਯੂਥ ਆਗੂਆਂ ਵੱਲੋਂ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।