ਉਪ ਮੁੱਖ ਮੰਤਰੀ ਰੰਧਾਵਾ ਤੇ ਵਿਧਾਇਕਾਂ ਨੂੰ ਉਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿੱਚ ਲਿਆ

bttnews
0

ਪੰਜਾਬ ਸਰਕਾਰ ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ: ਰੰਧਾਵਾ

ਚੰਡੀਗੜ੍ਹ, 4 ਅਕਤੂਬਰ:

ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਵਾਪਰੇ ਦਰਦਨਾਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਵਿਧਾਇਕਾਂ ਨੂੰ ਅੱਜ ਸ਼ਾਮ ਉਤਰ ਪ੍ਰਦੇਸ਼ ਪੁਲਿਸ ਵੱਲੋਂ ਜਬਰੀ ਹਿਰਾਸਤ ਵਿੱਚ ਲਿਆ ਗਿਆ।
ਸ. ਰੰਧਾਵਾ ਦੇ ਨਾਲ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਹੋਰਨਾਂ ਵਿਧਾਇਕਾਂ ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਦੀਪ ਸਿੰਘ ਵੈਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਨੂੰ ਉਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਸਹਰਾਨਪੁਰ ਦੇ ਸਰਸਾਵਾਂ ਪੁਲਿਸ ਥਾਣੇ ਲੈ ਗਈ।
ਉਪ ਮੁੱਖ ਮੰਤਰੀ ਰੰਧਾਵਾ ਤੇ ਵਿਧਾਇਕਾਂ ਨੂੰ ਉਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿੱਚ ਲਿਆ


ਉਪ ਮੁੱਖ ਮੰਤਰੀ ਤੇ ਵਿਧਾਇਕ ਪੀੜਤ ਪਰਿਵਾਰਾਂ ਨੂੰ ਮਿਲਣ ਅਤੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਜਾਣਾ ਚਾਹੁੰਦੇ ਸਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ਉਪ ਮੁੱਖ ਮੰਤਰੀ ਸ. ਰੰਧਾਵਾ ਦੇ ਲਖਨਊ ਹਵਾਈ ਅੱਡੇ ਉਤੇ ਪਹੁੰਚਣ ਉਤੇ ਰੋਕ ਲਗਾ ਦਿੱਤੀ ਗਈ ਸੀ ਜਿਸ ਕਾਰਨ ਸ. ਰੰਧਾਵਾ ਵੱਲੋਂ ਬਾਕੀ ਵਿਧਾਇਕਾਂ ਦੇ ਨਾਲ ਸੜਕ ਰਾਸਤੇ ਜਾਣ ਦਾ ਫੈਸਲਾ ਕੀਤਾ ਗਿਆ ਸੀ।
ਉਤਰ ਪ੍ਰਦੇਸ਼ ਲਈ ਰਵਾਨਾ ਹੋਣ ਤੋਂ ਪਹਿਲਾਂ ਸ. ਰੰਧਾਵਾ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉੱਥੇ ਮੌਜੂਦ ਸਥਿਤੀ ਬਾਰੇ ਅਸਲ ਜਾਣਕਾਰੀ ਹਾਸਲ ਕਰਨਗੇ।
ਉਪ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਲ੍ਹਿਆ ਵਾਲਾ ਬਾਗ ਦਾ ਦੁਖਾਂਤਕ ਸਾਕਾ ਦੁਹਰਾਇਆ ਜਿਸ ਲਈ ਕੇਂਦਰ ਸਰਕਾਰ ਤੇ ਉਤਰ ਪ੍ਰਦੇਸ਼ ਸਰਕਾਰ ਨੂੰ ਕਤਈ ਮੁਆਫੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਬਰ ਜ਼ੁਲਮ ਖਿਲਾਫ ਪੰਜਾਬ ਸਰਕਾਰ ਹਰ ਮੁਹਾਜ਼ ਉਤੇ ਆਵਾਜ਼ ਬੁਲੰਦ ਕਰੇਗੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
ਸ. ਰੰਧਾਵਾ ਨੇ ਪੀੜਤਾਂ ਨੂੰ ਨਿਆਂ ਦੇਣ ਦਾ ਵਾਅਦਾ ਕਰਦਿਆਂ ਕਿਸਾਨਾਂ ਨੂੰ ਹਰ ਕੀਮਤ 'ਤੇ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

Post a Comment

0Comments

Post a Comment (0)