- ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੀਟਿੰਗ ਕਰਨ ਲਈ ਬਦਲੀਆਂ 4 ਥਾਵਾਂ , ਫੇਰ ਇੱਕ ਮਿੰਟ ਗੱਲ ਕਰਕੇ ਕਹਿੰਦੇ ਕਿ ਮਸਲੇ ਦਾ ਕਰਾਂਗੇ ਹੱਲ -
- ਸਿੱਖਿਆ ਮੰਤਰੀ ਦੇ ਘਰ ਅੱਗੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ - ਹਰਗੋਬਿੰਦ ਕੌਰ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਜਾਣਕਾਰੀ ਦਿੰਦੇ ਹੋਏ ਤੇ ਨਾਲ ਹੋਰ ਆਗੂ । |
ਮੋਹਾਲੀ /ਚੰਡੀਗੜ੍ਹ 5 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਅੱਜ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਮੋਹਾਲੀ ਵਿਖੇ ਲਗਭਗ 17 ਜਥੇਬੰਦੀ ਦੇ 200 ਦੇ ਕਰੀਬ ਆਗੂਆਂ ਨੂੰ ਉਹਨਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਮੀਟਿੰਗ ਕਰਨ ਦਾ ਸੱਦਾ ਪੱਤਰ ਦਿੱਤਾ ਸੀ ਤੇ ਸਵੇਰੇ 9 ਵਜੇ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਸੀ । ਪਰ ਮੰਤਰੀ ਨੇ ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਹਨਾਂ ਨੁੰਮਾਇੰਦਿਆਂ ਦੀ ਖੱਜਲ ਖ਼ੁਆਰੀ ਕੀਤੀ ਤੇ ਮੀਟਿੰਗ ਕਰਨ ਲਈ ਚਾਰ ਸਥਾਨ ਬਦਲੇ ਅਤੇ ਫੇਰ ਸ਼ਾਮ ਨੂੰ 5 ਵਜੇ ਸਿਰਫ਼ ਇੱਕ ਮਿੰਟ ਲਈ ਮਿਲ ਕੇ ਇਹੋ ਹੀ ਕਿਹਾ ਕਿ ਕੋਈ ਨਹੀਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ । ਉਪਰੋਕਤ ਜਾਣਕਾਰੀ ਦਿੰਦਿਆਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਹਨਾਂ ਨੂੰ ਲਿਖਤੀ ਤੌਰ ਤੇ ਸਿੱਖਿਆ ਬੋਰਡ ਦੇ ਦਫ਼ਤਰ ਵਿੱਚ 9 ਵਜੇ ਮੀਟਿੰਗ ਕਰਨ ਦਾ ਪੱਤਰ ਭੇਜਿਆ ਗਿਆ ਸੀ । ਉਹ ਸਹੀ ਸਮੇਂ ਤੇ ਪਹੁੰਚ ਗਈਆਂ ਸਨ । ਪਰ 12-30 ਵਜੇ ਤੱਕ ਉਥੇ ਬਿਠਾਈ ਰੱਖਿਆ ਤੇ ਪ੍ਰਸ਼ਾਸਨ ਦੇ ਅਧਿਕਾਰੀ ਕਹਿੰਦੇ ਕਿ ਮੀਟਿੰਗ ਮੇਨ ਸੈਕਟਰੀਏਟ ਵਿੱਚ ਤਿੰਨ ਵਜੇ ਤੋਂ ਬਾਅਦ ਹੋਵੇਗੀ ਤੁਸੀਂ ਉਥੇ ਪੁੱਜੋ । ਉਥੋਂ ਫੇਰ ਚਾਰ ਵਜੇ ਕਹਿੰਦੇ ਕਿ ਹੁਣ ਤੁਸੀਂ ਪੰਜਾਬ ਭਵਨ ਚੱਲੋ ਮੀਟਿੰਗ ਉਥੇ ਹੋਵੇਗੀ । ਜਦੋਂ ਸਾਰੇ ਉਥੇ ਪਹੁੰਚੇ ਤਾਂ ਉਥੇ ਕਿਸੇ ਮੰਤਰੀ ਦਾ ਕੋਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਿਹਾ ਸੀ । ਪੁਲਿਸ ਵਾਲੇ ਕਹਿੰਦੇ ਇਥੇ ਕੋਈ ਮੀਟਿੰਗ ਨਹੀਂ । ਪੁਲਿਸ ਵਾਲਿਆਂ ਨੇ ਧੱਕੇ ਮਾਰ ਕੇ ਉਥੋਂ ਪਾਸੇ ਕੀਤਾ ਤੇ ਸਾਨੂੰ ਸੈਕਟਰ 3 ਦੇ ਪੁਲਿਸ ਥਾਣੇ ਵਿੱਚ ਲੈ ਗਏ । ਫੇਰ 5 ਵਜੋਂ ਸੁਨੇਹਾ ਆਇਆ ਕਿ ਸਿਰਫ਼ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਹੀ ਮੰਤਰੀ ਪ੍ਰਗਟ ਸਿੰਘ ਦੀ 15 ਨੰਬਰ ਕੋਠੀ ਵਿੱਚ ਲਿਆਂਦਾ ਜਾਵੇ ਤੇ ਮਿਲਾ ਦਿੱਤਾ ਜਾਵੇ ਤੇ ਬਾਕੀਆਂ ਨੂੰ ਥਾਣੇ ਅੰਦਰ ਹੀ ਰੱਖਿਆ ਜਾਵੇ । ਉਹਨਾਂ ਕਿਹਾ ਕਿ ਉਥੇ ਵੀ ਮੰਤਰੀ ਨੇ ਕੋਈ ਗੱਲ ਨਹੀਂ ਸੁਣੀ ਗਈ ਤੇ ਮੰਤਰੀ ਸਿਰਫ਼ ਇੱਕ ਮਿੰਟ ਮਿਲ ਕੇ ਕਹਿੰਦੇ ਕਿ ਮਸਲੇ ਦਾ ਹੱਲ ਕਰਾਂਗੇ । ਬਸ ਇਹ ਕਹਿਣ ਲਈ ਹੀ ਸਾਰਾ ਦਿਨ ਭਜਾਈ ਰੱਖਿਆ । ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਨਾਲ ਦੀਆਂ ਚਾਰ ਸਾਥਣਾਂ ਨੂੰ ਬਾਅਦ ਵਿੱਚ ਥਾਣਿਉਂ ਆ ਕੇ ਛੁਡਾਇਆ । ਹਰਗੋਬਿੰਦ ਕੌਰ ਨੇ ਇਸ ਗੱਲ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਉਹਨਾਂ ਦੀ ਜਥੇਬੰਦੀ ਮੰਤਰੀ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰੇਗੀ । ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਕਹਿ ਰਹੇ ਹਨ ਕਿ ਲੋਕਾਂ ਦੀ ਸਰਕਾਰ ਹੈ । ਪਰ ਮੰਤਰੀ ਪ੍ਰਗਟ ਸਿੰਘ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੰਗਾ ਅਖਵਾ ਦਿੱਤਾ । ਉਹ ਇਸ ਤਰ੍ਹਾਂ ਤਾਂ ਕਿਸੇ ਨੂੰ ਸੱਦ ਕੇ ਜਲੀਲ ਨਹੀਂ ਕਰਦੇ ਸਨ ।