ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਦੀਨਾਨਗਰ ਵਿਖੇ ਮੰਤਰੀ ਅਰੁਣਾ ਚੌਧਰੀ ਦੇ ਘਰ ਨੇੜੇ ਕੀਤਾ ਰੋਸ ਪ੍ਰਦਰਸ਼ਨ

bttnews
0

ਦੀਨਾਨਗਰ , 5 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਦੀਨਾਨਗਰ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਦੇ ਘਰ ਨੇੜੇ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਭੁੱਖ ਹੜਤਾਲ ਰੱਖੀ ਗਈ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੇ ਖ਼ੂਨ ਨਾਲ ਮੰਗ ਪੱਤਰ ਲਿਖਿਆ ਤੇ ਫੇਰ ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਿੱਤਾ । ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ।

ਨਰਸਰੀ ਟੀਚਰ ਦਾ ਦਰਜ਼ਾ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ । ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਦਿੱਤਾ ਜਾਵੇ ।
 ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । 2015 ਵਿੱਚ ਗ਼ਲਤ ਸਰਟੀਫਿਕੇਟ ਪੇਸ਼ ਕਰਕੇ ਵਰਕਰ ਤੋਂ ਸੁਪਰਵਾਈਜ਼ਰ ਬਣੀਆਂ , ਸੁਪਰਵਾਈਜ਼ਰਾਂ ਜਿਨ੍ਹਾਂ ਦੇ ਖਿਲਾਫ਼ ਮਹਿਕਮੇ ਵੱਲੋਂ ਪੜਤਾਲ ਪੂਰੀ ਹੋ ਚੁੱਕੀ ਹੈ , ਨੂੰ  ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ , ਉਹਨਾਂ ਦੇ ਖ਼ਿਲਾਫ਼ 420 ਦੇ ਪਰਚੇ ਦਰਜ਼ ਕੀਤੇ ਜਾਣ  । ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜ਼ਾ ਦਿੱਤਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ । ਯੂਨੀਅਨ ਦੀਆਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ  ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਪੂਰੇ ਸੂਬੇ ਵਿੱਚ ਵਿਰੋਧ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਜਾਰੀ ਰਹੇਗਾ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਸੰਘਰਸ਼ ਚੱਲਦਾ ਰਹੇਗਾ । ਇਸ ਮੌਕੇ ਜਸਵੀਰ ਕੌਰ ਦਸੂਹਾ , ਸਤਵੰਤ ਕੌਰ ਭੋਗਪੁਰ , ਮਨਜੀਤ ਕੌਰ ਸੁਲਤਾਨਪੁਰ ਲੋਧੀ , ਛਿੰਦਰਪਾਲ ਕੌਰ ਥਾਂਦੇਵਾਲਾ , ਸੁਮਨ ਲਤਾ ਪਠਾਨਕੋਟ , ਛਿੰਦਰਪਾਲ ਕੌਰ ਭੂੰਗਾ , ਹਰਵਿੰਦਰ ਕੌਰ ਭੂੰਗਾ , ਬਿਮਲਾ ਦੇਵੀ ਫਗਵਾੜਾ , ਸੁਨੀਤਾ ਰਾਣੀ ਲੋਹੀਆਂ , ਗੁਰਮੀਤ ਕੌਰ ਸੁਜਾਨਪੁਰ , ਰਣਜੀਤ ਕੌਰ ਬਟਾਲਾ , ਸੁਨਿਰਮਲ ਕੌਰ ਗੁਰਦਾਸਪੁਰ , ਜਸਬੀਰ ਇ ਡੇਰਾ ਬਾਬਾ ਨਾਨਕ , ਜਤਿੰਦਰ ਕੌਰ ਕਾਹਨੂੰਵਾਨ , ਸਰਬਜੀਤ ਕੌਰ ਦੋਰਾਗਲਾ , ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ , ਸੁਰਿੰਦਰ ਕੌਰ ਕਲਾਨੌਰ ਤੇ ਸੁਦੇਸ਼ ਰਾਣੀ ਨਰੋਟ ਜੈਮਲ ਸਿੰਘ ਆਦਿ ਆਗੂ ਮੌਜੂਦ ਸਨ ।

Post a Comment

0Comments

Post a Comment (0)