- ਰੋਸ ਮਾਰਚ ਕਰਨ ਉਪਰੰਤ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ
ਸ੍ਰੀ ਮੁਕਤਸਰ ਸਾਹਿਬ, 1 ਸਤੰਬਰ : ਸਾਂਝਾ ਅਧਿਆਪਕ ਮੋਰਚਾ ਦੇ ਸੱਦੇ'ਤੇ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ 'ਸਕੱਤਰ ਭਜਾਓ ਸਿੱਖਿਆ ਬਚਾਓ' ਦੇ ਨਾਅਰੇ ਤਹਿਤ ਸਿੱਖਿਆ ਸਕੱਤਰ ਦੀਆਂ ਸਿੱਖਿਆ ਵਿਰੋਧੀ, ਅਧਿਆਪਕ ਵਿਰੋਧੀ ਅਤੇ ਨਿੱਜੀਕਰਨ ਪੱਖੀ ਨੀਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਅਾ। ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਨਵੀਨਰਾਂ ਗੁਰਨੈਬ ਸਿੰਘ, ਪਵਨ ਕੁਮਾਰ, ਮਨੋਹਰ ਲਾਲ ਸ਼ਰਮਾ ਅਤੇ ਪਰਗਟ ਜੰਬਰ ਨੇ ਕਿਹਾ ਕਿ ਸਿੱਖਿਆ ਸਕੱਤਰ ਸਿੱਖਿਆ ਵਿਭਾਗ ਪੰਜਾਬ ਦੁਆਰਾ ਪਾਠਕ੍ਰਮ ਅਧਾਰਤ ਜਮਾਤ ਸਿੱਖਿਆ ਨੂੰ ਤਿਲਾਂਜਲੀ ਦੇ ਕੇ ਸਰਕਾਰ ਦੇ ਸਿਆਸੀ ਏਜੰਡੇ ਦੀ ਪੂਰਤੀ ਤਹਿਤ ਪੂਰੇ ਸਿੱਖਿਆ ਪ੍ਰਬੰਧ ਨੂੰ ਇੱਕ ਨੈਸ (NAS) ਸਰਵੇ ਦੀ ਤਿਆਰੀ ਵਿੱਚ ਝੋਂਕਣ ਤੋਂ ਰੋਕਣ, ਨਿੱਜੀਕਰਨ ਪੱਖੀ ਆਨ ਲਾਈਨ ਸਿੱਖਿਆ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਾਨਸਿਕ ਰੋਗੀ ਬਣਾਉਣ ਵੱਲ ਧੱਕਣ ਦਾ ਡੱਟਵਾਂਂ ਵਿਰੋਧ ਕਰਨ, ਪੈਡਿੰਗ ਪ੍ਰੋਮੋਸ਼ਨਾਂ ਪੂਰੀਆਂ ਕਰਵਾਉਣ, ਬਦਲੀਆਂ ਦੇ ਮਸਲੇ ਹੱਲ ਕਰਵਾਉਣ, ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਾਉਣ, ਛੇਵੇਂ ਤਨਖਾਹ ਕਮਿਸ਼ਨ ਨੂੰ ਅਧਿਆਪਕ ਹਿਤਾਂ ਅਨੁਸਾਰ ਲਾਗੂ ਕਰਵਾਉਣ, ਪਰਖ ਸਮਾਂ ਐਕਟ ਰੱਦ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਓ ਡੀ ਐੱਲ ਅਧਿਆਪਕ ਰੈਗੂਲਰ ਕਰਵਾਉਣ ਦੀਆਂ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ ਜਿਸ ਖਿਲਾਫ ਅਧਿਆਪਕਾਂ ਵਿੱਚ ਰੋਸ ਹੈ। ਅੱਜ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਇਸ ਰੋਸ ਦਾ ਪ੍ਰਗਟਾਵਾ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸੀਸਵਾਂ ਫਾਰਮ ਨੇੜੇ ਜਾਂ ਸਰਕਾਰੀ ਰਾਜ ਪੱਧਰੀ ਸਮਾਗਮ ਦੇ ਸਮਾਂਤਰ 'ਅਧਿਆਪਕ ਸਨਮਾਨ ਬਹਾਲੀ ਰੈਲੀ' ਕਰਕੇ ਕੀਤਾ ਜਾਵੇਗਾ।
ਆਗੂਆਂ ਵੱਲੋਂ 11 ਸਤੰਬਰ ਨੂੰ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤੇ ਜਾਣ ਵਾਲੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵਿੱਚ ਵਹੀਰਾਂ ਘੱਤ ਸ਼ਾਮਲ ਹੁੰਦਿਆਂ 29 ਜੁਲਾਈ ਦੀ ਰੈਲੀ ਤੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਰਕਾਰ ਦੀ ਹਕੂਮਤੀ ਅੜ ਭੰਨਣ ਦਾ ਐਲਾਨ ਕਰਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਦੀ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ।
ਪਾਰਕ ਤੋਂ ਦਫ਼ਤਰ ਤੱਕ ਰੋਸ ਮਾਰਚ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਦਫ਼ਤਰ ਮੂਹਰੇ ਸਿੱਖਿਆ ਸਕੱਤਰ ਦੀ ਅਰਥੀ ਫੂਕੀ ਗੲੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪਿਲ ਸ਼ਰਮਾ ਨੂੰ ਅਧਿਆਪਕ ਮੰਗਾਂ ਨਾ ਮੰਨੀਆਂ ਜਾਣ ਖਿਲਾਫ ਰੋਸ ਪੱਤਰ ਸੌਂਪਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਪਵਨ ਚੌਧਰੀ, ਰਵੀ ਕੁਮਾਰ, ਨਵਦੀਪ ਸੁੱਖੀ, ਹਰਪਾਲ ਸਿੰਘ, ਮਨਜੀਤ ਸਿੰਘ, ਹਰਬਖਸ਼ ਬਹਾਦਰ ਬਲਦੇਵ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਕੰਵਲਜੀਤ ਪਾਲ, ਹਰਪ੍ਰੀਤ ਸਿੰਘ, ਵਿਸ਼ੂ ਛਾਬੜਾ ਨੇ ਸੰਬੋਧਨ ਕੀਤਾ।