- ਵਕੀਲ ਦੁਆਰਾ ਇਸ ਕੇਸ ਦੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਕੀਤੀ ਮੁਫਤ ਪੈਰਵੀ
ਸ੍ਰੀ ਮੁਕਤਸਰ ਸਾਹਬ, 1 ਸਤੰਬਰ : ਮਾਣਯੋਗ ਅਦਾਲਤ ਸ੍ਰੀ ਸੰਦੀਪ ਸਿੰਘ ਬਾਜਵਾ ਅਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਮੁਕਤਸਰ ਸਾਹਬ ਨੇ 5 ਸਾਲਾਂ ਦੀ ਮਾਸੂਮ ਬੱਚੀ ਨਾਲ ਘਿਨਾਉਣਾ ਅਪਰਾਧ ਕਰਨ ਵਾਲੇ ਅਪਰਾਧੀ ਨੂੰ ਸਖਤ ਉਮਰ ਕੈਦ ਦੀ ਸਜ਼ਾ ਦਾ ਫੈਂਸਲਾ ਸੁਣਾਇਆ ਹੈ। ਇਥੇ ਦੱਸਣਯੋਗ ਹੈ ਕਿ ਮਿਤੀ 24.6.2019 ਨੂੰ ਗੋਰਾ ਉਰਫ ਗੁਰਦਿੱਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਨੰਬਰ 3, ਨਜ਼ਦੀਕ ਚਰਚ, ਗੋਨਿਆਣਾ ਰੋਡ, ਸ੍ਰੀ ਮੁਕਤਸਰ ਸਾਹਬ ਨੇ ਆਪਣੇ ਹੀ ਗਵਾਂਢ ਵਿਚ ਰਹਿਣ ਵਾਲੀ 5 ਸਾਲਾਂ ਦੀ ਮਾਸੂਮ ਬਾਲੜੀ ਜੋ ਕਿ ਦੋਸ਼ੀ ਗੋਰੇ ਨੂੰ ਚਾਚਾ ਕਹਿੰਦੀ ਸੀ, ਨੂੰ ਆਪਣੇ ਘਰ ਵਿਚ ਬਹਿਲਾ-ਫੁਸਲਾ ਕੇ ਲਿਜਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਜਿਸ ਉਪਰੰਤ ਬੱਚੀ ਦੀ ਮਾਤਾ ਵੱਲੋਂ ਮੁਕੱਦਮਾ ਨੰਬਰ 159 ਮਿਤੀ 24.6.2019 ਅਧੀਨ ਧਾਰਾ 376/511 ਜਾਬਤਾ ਫੌਜਦਾਰੀ ਅਤੇ ਧਾਰਾ 7/8 ਪੌਕਸੋ ਐਕਟ ਥਾਣਾ ਸਿਟੀ ਮੁਕਤਸਰ ਵਿਖੇ ਦਰਜ ਹੋਇਆ ਸੀ। ਇਥੇ ਵਰਨਣਯੋਗ ਹੈ ਕਿ ਉਕਤ ਬੱਚੀ ਵੱਲੋਂ ਵਕੀਲ ਅੰਗਰੇਜ ਸਿੰਘ ਸੋਹਲ ਦੁਆਰਾ ਇਸ ਕੇਸ ਦੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਮੁਫਤ ਪੈਰਵੀ ਕੀਤੀ ਗੲੀ ਸੀ, ਜਿਸ ਦੀ ਚੁਫੇਰਿਉਂ ਪ੍ਰਸੰਸਾ ਕੀਤੀ ਜਾ ਰਹੀ ਹੈ। ਵਕੀਲ ਅੰਗਰੇਜ ਸਿੰਘ ਸੋਹਲ ਨੇ ਮਾਣਯੋਗ ਅਦਾਲਤ ਦੇ ਫੈਂਸਲੇ ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਲੜਨ ਦਾ ਸਾਡਾ ਸਭ ਦਾ ਫਰਜ਼ ਹੈ, ਜੋ ਉਨ੍ਹਾਂ ਨੇ ਪੂਰਾ ਕੀਤਾ ਹੈ ਤਾਂ ਜੋ ਮਾਸੂਮ ਬੱਚੇ ਸਮਾਜ ਵਿਚ ਸੁਰੱਖਿਅਤ ਰਹਿ ਸਕਣ। ਉਹਨਾਂ ਕਿਹਾ ਕਿ ਅੱਗੋਂ ਵੀ ਉਹ ਸਮਾਜ ਦੀ ਸੇਵਾ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।