- ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੰਜਾਬ ਵਿਧਾਨ ਸਭਾ ਵੱਲ ਕਰਨਗੀਆਂ ਰੋਸ ਮਾਰਚ - ਹਰਗੋਬਿੰਦ ਕੌਰ
- ਜਲੰਧਰ ਵਿਖੇ ਹੋਈ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ
ਜਲੰਧਰ , 17 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਯੂਨੀਅਨ ਦੀਆਂ ਸੂਬਾਈ ਆਗੂ , ਜ਼ਿਲ੍ਹਾ ਪ੍ਰਧਾਨ , ਬਲਾਕ ਪ੍ਰਧਾਨ ਤੇ ਸਰਗਰਮ ਆਗੂਆਂ ਨੇ ਸ਼ਮੂਲੀਅਤ ਕੀਤੀ । ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨਾਲ ਬੇਹੱਦ ਨਰਾਜ਼ਗੀ ਜ਼ਾਹਰ ਕਰਦਿਆਂ ਵੱਡਾ ਫੈਸਲਾ ਲਿਆ ਗਿਆ ਕਿ 4 ਅਕਤੂਬਰ ਨੂੰ ਮੋਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਦੇ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਉਕਤ ਦਫ਼ਤਰ ਨੂੰ ਘੇਰਨਗੀਆਂ । ਮੀਟਿੰਗ ਉਪਰੰਤ ਹਰਗੋਬਿੰਦ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਸ ਪ੍ਰਦਰਸ਼ਨ ਤੋਂ ਬਾਅਦ ਵਰਕਰਾਂ ਤੇ ਹੈਲਪਰਾਂ ਰੋਸ ਮਾਰਚ ਕਰਦੀਆਂ ਹੋਈਆਂ ਪੰਜਾਬ ਵਿਧਾਨ ਸਭਾ ਵੱਲ ਜਾਣਗੀਆਂ ਤੇ ਸੁੱਤੀ ਪਈ ਪੰਜਾਬ ਸਰਕਾਰ ਦਾ ਦਰਵਾਜ਼ਾ ਖੜਕਾਉਣੀਆਂ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਭ ਤੋਂ ਨਿਕੰਮੀ ਤੇ ਮਾੜੀ ਸਰਕਾਰ ਸਾਬਤ ਹੋਈ ਹੈ ਤੇ ਸਾਰੇ ਵਰਗਾਂ ਦੇ ਲੋਕ ਸੜਕੀ ਤੋਂ ਉੱਤਰੇ ਹੋਏ ਹਨ । ਉਹਨਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ । ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ , ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਦਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ ਤੇ ਵਰਕਰਾਂ ਨੂੰ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾਣ । ਇਸ ਮੀਟਿੰਗ ਵਿੱਚ ਸੂਬਾ ਦਫ਼ਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ , ਸਤਵੰਤ ਕੌਰ ਭੋਗਪੁਰ , ਜਸਵੀਰ ਕੌਰ ਦਸੂਹਾ , ਸ਼ਿੰਦਰਪਾਲ ਕੌਰ ਭੂੰਗਾ , ਜਸਵਿੰਦਰ ਕੌਰ ਪੱਟੀ , ਪੂਨਾ ਰਾਣੀ ਨਵਾਂ ਸ਼ਹਿਰ , ਮਨਜੀਤ ਕੌਰ ਸਿੱਧਵਾਂ ਬੇਟ , ਸੁਨੀਤਾ ਰਾਣੀ ਲੋਹੀਆਂ , ਹਰਵਿੰਦਰ ਕੌਰ ਹੁਸ਼ਿਆਰਪੁਰ , ਰਜਵੰਤ ਕੌਰ ਤਰਨਤਾਰਨ , ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ , ਰਣਜੀਤ ਕੌਰ ਬਟਾਲਾ , ਸੰਤੋਸ਼ ਵੇਰਕਾ , ਸਮਾਂ ਅਟਾਰੀ ਤੇ ਰਾਜਵੀਰ ਕੌਰ ਨੌਸ਼ਿਹਰਾ ਆਦਿ ਆਗੂ ਮੌਜੂਦ ਸਨ ।