ਜਦ ਤੋਂ ਪੰਜਾਬ ਦੀ ਜ਼ਰਖੇਜ ਜ਼ਮੀਨ ਹਰੀ ਕਰਾਂਤੀ ਨਾਲ ਮੋਟੀ ਕਮਾਈ ਦੇਣ ਲੱਗੀ ਹੈ ਨੂੰ ਦੇਖਕੇ ਬਜ਼ੁਰਗ ਲੋਕ ਵੀ ਆਪਣੇ ਪੁੱਤਾਂ ਨਾਲ ਸ਼ਰੀਕਾਂ ਵਾਂਗ ਜ਼ਮੀਨਾਂ ਵੰਡਣ ਲੱਗ ਪਏ ਹਨ। ਧੀਆਂ ਪੁੱਤਰਾਂ ਨੂੰ ਮਾਪਿਆਂ ਨੇ ਪੈਸੇ ਬਣਾਉਣ ਵਾਲੀ ਮਸ਼ੀਨ ਬਣਨ ਦੀ ਹੱਲਾਸੇਰੀ ਦੇਕੇ ਆਪਣੇ ਪੈਰ ਆਪ ਕੁਹਾੜਾ ਮਾਰਿਆ ਹੈ। ਜਦ ਮਨੁੱਖ ਇਨਸਾਨ ਦੀ ਥਾਂ ਪੈਸੇ ਬਣਾਉਣ ਵਾਲੀ ਮਸ਼ੀਨ ਬਣ ਜਾਂਦਾ ਹੈ ਤਦ ਉਸਨੂੰ ਮਾਪਿਆਂ ਜਾਂ ਬਜ਼ੁਰਗਾਂ ਨੂੰ ਸੰਭਾਲਣਾ ਵੀ ਘਾਟੇ ਦਾ ਸੌਦਾ ਲੱਗਦਾ ਹੈ ।
ਵਰਤਮਾਨ ਵਿੱਚ ਬੱਚਿਆਂ ਨੂੰ ਦੂਸਰਿਆਂ ਦੀ ਭਲਾਈ ਦੀ ਥਾਂ ਨਿੱਜ ਵਾਦ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਵਿੱਚ ਪੇਸ਼ੇਵਾਰਾਨਾ ਸੋਚ ਨੂੰ ਹੀ ਹੱਲਾਸੇਰੀ ਦਿੱਤੀ ਜਾਂਦੀ ਹੈ। ਇਸ ਵਪਾਰਕ ਸੋਚ ਦੇ ਘੋੜੇ ਤੇ ਚੜਿਆਂ ਬੰਦਾ ਦੂਸਰਿਆਂ ਦੀ ਭਲਾਈ ਸੋਚਣ ਤੋਂ ਹੀ ਕੋਰਾ ਹੋ ਜਾਂਦਾ ਹੈ ਦੂਸਰਿਆਂ ਦੀ ਭਲਾਈ ਕਰਨ ਤੋਂ ਮੁੱਕਰਿਆ ਬੰਦਾ ਆਪਣੇ ਮਾਪਿਆਂ ਨੂੰ ਵੀ ਬੋਝ ਹੀ ਸਮਝਦਾ ਹੈ । ਜਿਸ ਬੱਚੇ ਵਿੱਚ ਸਮਾਜ ਸੇਵਾ ਜਾਂ ਦੂਸਰਿਆਂ ਦੀ ਮਦਦ ਕਰਨ ਦੀ ਸੋਚ ਭਰੀ ਹੋਵੇਗੀ ਉਹ ਵਿਅਕਤੀ ਕਦੇ ਵੀ ਆਪਣੇ ਮਾਪਿਆਂ ਦੀ ਸੇਵਾ ਤੋਂ ਵੀ ਪੈਰ ਪਿਛਾਂਹ ਨਹੀਂ ਕਰ ਸਕਦਾ ।
ਬੱਚਿਆਂ ਦੇ ਵਿੱਚ ਲਾਲਸਾਵਾਂ ਦੀ ਅੱਗ ਬਾਲਕੇ ਅਸੀਂ ਉਹਨਾਂ ਤੋਂ ਕਿਸੇ ਦੀ ਵੀ ਸੇਵਾ ਦੀ ਆਸ ਨਹੀਂ ਰੱਖ ਸਕਦੇ । ਵਰਤਮਾਨ ਵਿੱਚ ਪੈਸੇ ਦੀ ਦੌੜ ਏਨੀ ਭਾਰੂ ਹੋ ਚੁੱਕੀ ਹੈ ਜਿਸ ਵਿੱਚ ਸਮਾਜ ਦਾ ਹਰ ਵਰਗ ਦੌੜ ਰਿਹਾ ਹੈ ਅਤੇ ਇਸ ਦੌੜ ਦੇ ਵਿੱਚ ਸਾਹੋ ਸਾਹੀਂ ਹੋਏ ਮਨੁੱਖ ਨੂੰ ਕਿਸੇ ਦੂਸਰੇ ਬਾਰੇ ਸੋਚਣ ਦੀ ਵਿਹਲ ਹੀ ਨਹੀਂ ਹੈ।
ਵਰਤਮਾਨ ਵਿੱਚ ਹਰ ਮਨੁੱਖ ਆਪਣੇ ਬੱਚਿਆਂ ਨੂੰ ਅਮੀਰੀ ਦੇ ਘਰ ਵਿੱਚ ਦੇਖਣ ਲਈ ਪਹਿਲਾਂ ਤਾਂ ਅਖੌਤੀ ਵਿੱਦਿਆਂ ਜੋ ਸਿਖਾਉਣ ਦੀ ਥਾਂ ਲੁੱਟ ਦਾ ਰੂਪ ਹੈ ਨੂੰ ਦਿਵਾਉਂਦਾ ਹੈ ਅਤੇ ਬਾਅਦ ਵਿੱਚ ਪਛਤਾਉਂਦਾਂ ਹੈ। ਇਸ ਆਧੁਨਿਕ ਪੜਾਈ ਤੋਂ ਬਾਅਦ ਜੇ ਸਰਕਾਰੀ ਨੌਕਰੀ ਲੈਣੀ ਹੋਵੇ ਤਦ ਮੁਸ਼ਕਲ ਨਾਲ ਦੋ ਪਰਸੈਂਟ ਬੱਚੇ ਹੀ ਇਸਨੂੰ ਹਾਸਲ ਕਰ ਪਾਉਂਦੇ ਹਨ, ਜਿਹਨਾਂ ਵਿੱਚ ਬਹੁਤੇ ਗਲਤ ਤਰੀਕਿਆਂ ਦੀ ਵਰਤੋਂ ਕਰਨ ਵਾਲੇ ਹੀ ਹਾਸਲ ਕਰ ਲੈਂਦੇ ਹਨ ਬਹੁਤ ਥੋੜੇ ਨੌਜਵਾਨ ਹੀ ਸਰਕਾਰੀ ਨੌਕਰੀ ਵਿੱਦਿਅਕ ਯੋਗਤਾ ਦੇ ਸਹਾਰੇ ਇਸਨੂੰ ਹਾਸਲ ਕਰ ਪਾਉਂਦੇ ਹਨ।
ਬਾਕੀ ਬਚਦੇ ਲੋਕ ਆਪਣੇ ਧੀਆਂ ਪੁੱਤਰਾਂ ਨੂੰ ਜੇ ਸਾਧਨ ਬਣਦੇ ਹੋਣ ਤਾਂ ਲੱਖਾਂ ਖਰਚ ਕੇ ਵਿਦੇਸ਼ ਭੇਜਣ ਦੀ ਸੋਚਦੇ ਹਨ। ਪਰਾਈਵੇਟ ਸੰਸਥਾਵਾਂ ਵਿੱਚ ਰੁਜ਼ਗਾਰ ਕਰਨ ਵਾਲੇ ਜ਼ਿਆਦਾਤਰ ਨੌਜਵਾਨ ਜ਼ਿੰਦਗੀ ਜਿਉਣ ਜਿੰਨਾਂ ਹੀ ਮਸਾਂ ਕਮਾ ਪਾਉਂਦੇ ਹਨ । ਇਸ ਤਰਾਂ ਦੇ ਰੁਜ਼ਗਾਰ ਹਾਸਲ ਕਰਨ ਵਾਲੇ ਨੌਜਵਾਨ ਫਿਰ ਆਪਣੀ ਇਕਹਿਰੀ ਜ਼ਿੰਦਗੀ ਜਿਉਣ ਬਾਰੇ ਸੋਚਣਾਂ ਸ਼ੁਰੂ ਕਰ ਦਿੰਦੇ ਹਨ । ਜਦ ਨੌਜਵਾਨ ਵਰਗ ਆਪਣੇ ਬਚਪਨ ਨੂੰ ਵਿਦਿਆਂ ਵਿੱਚ ਗਵਾਕੇ ਨਿਕਲਦਾ ਹੈ ਅਤੇ ਜਵਾਨੀ ਦੇ ਸਮੇਂ ਨੂੰ ਚਿੰਤਾ ਮੁਕਤ ਹੋਣ ਦੀ ਥਾਂ ਸੰਘਰਸ਼ ਵਿੱਚ ਗੁਜ਼ਾਰਦਾ ਹੈ ਤਦ ਤੱਕ ਉਸਦੀ ਸੋਚ ਲੰਗੜਾ ਚੁੱਕੀ ਹੁੰਦੀ ਹੈ ਅਤੇ ਸਮਾਜ ਪ੍ਰਤੀ ਨਾਂਹ ਪੱਖੀ ਵਤੀਰਾ ਧਾਰਨ ਕਰ ਲੈਂਦਾ ਹੈ ।
ਪਿਛਲੇ ਕੁਝ ਸਾਲਾਂ ਵਿੱਚ ਤਕਨੀਕ ਨੇ ਏਨਾਂ ਵਿਕਾਸ ਕੀਤਾ ਹੈ ਜਿਸ ਨਾਲ ਹਰ ਵਿਅਕਤੀ ਦੇ ਘਰੇਲੂ ਖਰਚ ਅਤੇ ਰੁਝੇਵੇਂ ਏਨੇ ਵਧ ਚੁੱਕੇ ਹਨ ਕਿ ਕਿਸੇ ਕੋਲ ਵਕਤ ਹੀ ਨਹੀਂ ਦੂਸਰਿਆਂ ਨਾਲ ਸਾਂਝ ਪਾਉਣ ਦਾ ਜਿਸ ਕਾਰਨ ਮੋਹ ਅਤੇ ਮਮਤਾ ਦੀ ਤੰਦ ਕਮਜ਼ੋਰ ਹੋ ਰਹੀ ਹੈ। ਜਦ ਮੋਹ ਦੀਆਂ ਤੰਦਾਂ ਕਮਜ਼ੋਰ ਹੋ ਜਾਣਗੀਆਂ ਤਦ ਕੁਦਰਤੀ ਹੈ ਕਿ ਦਇਆ ਰੂਪੀ ਹਮਦਰਦੀ ਦਾ ਬੂਟਾ ਸੁੱਕ ਜਾਂਦਾ ਹੈ। ਜਦ ਮਨੁੱਖ ਵਿੱਚ ਦਇਆਂ ਨਹੀਂ ਰਹਿ ਜਾਂਦੀ ਤਦ ਉਸਦਾ ਫਰਜ਼ ਨਿਭਾਉਣ ਵਾਲਾ ਧਰਮ ਵੀ ਮਰ ਮੁੱਕ ਜਾਂਦਾ ਹੈ। ਵਰਤਮਾਨ ਸਮਾਜ ਦਾ ਇਹੀ ਵੱਡਾ ਦੁਖਾਂਤ ਹੈ ਜਿਸ ਕਾਰਨ ਨੌਜਵਾਨੀ ਅਤੇ ਬਜ਼ੁਰਗਾਂ ਦੇ ਵਿਚਕਾਰਲੀ ਸਾਂਝ ਦੀ ਕੜੀ ਟੁੱਟ ਰਹੀ ਹੈ। ਜਿਉਂ ਜਿਉਂ ਇਹ ਸਾਂਝ ਘੱਟਦੀ ਜਾ ਰਹੀ ਹੈ ਤਿਉਂ ਤਿਉਂ ਬਜ਼ੁਰਗਾਂ ਦਾ ਜੀਵਨ ਮੁਸ਼ਕਲ ਭਰਿਆ ਹੋਈ ਜਾ ਰਿਹਾ ਹੈ।
ਨੌਜਵਾਨ ਉਮਰ ਵਿੱਚ ਤਾਂ ਮਨੁੱਖ ਕੋਲ ਬਹੁਤ ਸਾਰੇ ਰੁਝੇਵੇਂ ਹੁੰਦੇ ਹਨ ਵਕਤ ਨੂੰ ਲੰਘਾਉਣ ਲਈ ਪਰ ਵੱਡੀ ਉਮਰ ਵਿੱਚ ਸਮੇਂ ਨਾਲ ਇਹ ਘੱਟਦੇ ਜਾਂਦੇ ਹਨ । ਇੱਕ ਵਕਤ ਆਉਂਦਾ ਹੈ ਜਦ ਬਜ਼ੁਰਗ ਵਿਅਕਤੀ ਦਾ ਸਰੀਰ ਵੀ ਸਾਥ ਛੱਡਣਾਂ ਸੁਰੂ ਕਰ ਦਿੰਦਾ ਹੈ ਅਤੇ ਇਹੋ ਜਿਹੇ ਵਕਤ ਹਮੇਸਾਂ ਆਪਣੀ ਔਲਾਦ ਹੀ ਸਾਂਭ ਸੰਭਾਲ ਕਰ ਸਕਦੀ ਹੈ। ਵੱਡੀ ਉਮਰ ਵਿੱਚ ਜੇ ਔਲਾਦ ਕੋਲ ਹੋਵੇ ਤਾਂ ਹੀ ਘਰਾਂ ਵਿੱਚ ਰੌਣਕ ਰਹਿੰਦੀ ਹੈ ਜਿਸ ਨਾਲ ਬਜੁਰਗਾਂ ਦੀ ਵੀ ਸਮਾਜ ਨਾਲ ਸਾਂਝ ਬਣੀ ਰਹਿੰਦੀ ਹੈ। ਜੇ ਵੱਡੀ ਉਮਰ ਵਿੱਚ ਵਿਅਕਤੀ ਕੋਲ ਪਰਿਵਾਰ ਜਾਂ ਔਲਾਦ ਹੀ ਨਹੀਂ ਤਾਂ ਉਸ ਕੋਲ ਕੋਈ ਮਿਲਣ ਵਾਲਾ ਵੀ ਨਹੀਂ ਜਾਂਦਾ ਜਿਸ ਨਾਲ ਇਕੱਲਾਪਣ ਭਾਰੂ ਹੋ ਜਾਂਦਾ ਹੈ। ਇਕੱਲਾਪਣ ਬਹੁਤ ਹੀ ਖਤਰਨਾਕ ਅਤੇ ਡਰਾਉਣਾ ਹੁੰਦਾ ਹੈ। ਜਿਸ ਵਿਕਤੀ ਕੋਲ ਬਜ਼ੁਰਜਤਾਈ ਦੀ ਉਮਰ ਵਿੱਚ ਔਲਾਦ ਕੋਲ ਹੈ ਤਦ ਇਹ ਸਵਰਗ ਵਰਗਾ ਹੁੰਦਾ ਹੈ ਪਰ ਜਿਸ ਕੋਲ ਇਕੱਲਾਪਣ ਹੋਵੇ ਤਦ ਜ਼ਿੰਦਗੀ ਦਾ ਇਹ ਪਹਿਰ ਨਰਕ ਦਾ ਰੂਪ ਹੋ ਜਾਂਦਾ ਹੈ।
ਅਸਲ ਵਿੱਚ ਮਨੁੱਖ ਨੇ ਤਰੱਕੀ ਦੇ ਨਾਂ ਤੇ ਨਰਕ ਵੱਲ ਹੀ ਛਾਲ ਮਾਰੀ ਹੈ। ਨੌਜਵਾਨੀ ਆਪਣੇ ਬਜ਼ੁਰਗਾਂ ਤੋਂ ਸਿੱਖਕੇ ਹਰ ਹੀਲੇ ਪੈਸਾ ਕਮਾਉਣਾ ਲੋਚਦੀ ਹੈ। ਇਸ ਪੈਸੇ ਨੂੰ ਇਕੱਠਾ ਕਰਨ ਦੀ ਦੌੜ ਵਿੱਚ ਉਸਦੇ ਆਪਣੇ ਮਾਪੇ ਜਾਂ ਬਜ਼ੁਰਗ ਵੀ ਯਾਦ ਨਹੀਂ ਰਹਿੰਦੇ । ਵਰਤਮਾਨ ਸਮਾਜ ਦੀ ਇਹ ਹੁਣ ਹੋਣੀ ਬਣ ਚੁੱਕੀ ਹੈ ਜਿਸਦਾ ਭਾਰ ਚੁੱਕਣਾ ਵੀ ਬਜ਼ੁਰਗਾਂ ਨੂੰ ਪੈ ਰਿਹਾ ਹੈ। ਅੱਜ ਦੀ ਨੌਜਵਾਨੀ ਵੀ ਭਵਿੱਖ ਵਿੱਚ ਇਸਦੇ ਖਤਰਨਾਕ ਨਤੀਜੇ ਹੰਢਾਵੇਗੀ । ਕੁਦਰਤ ਦੇ ਉਲਟ ਚੱਲਕੇ ਮਨੁੱਖ ਕਦੇ ਵੀ ਸਾਂਵੀਂ ਪੱਧਰੀ ਜ਼ਿੰਦਗੀ ਨਹੀਂ ਜਿਉਂ ਸਕਦਾ।