- ਮੈਡਮ ਪੂਨਮ ਅਰੋੜਾ ਨੇ ਕੀਤਾ ਉਦਘਾਟਨ-
ਸ੍ਰੀ ਮੁਕਤਸਰ ਸਾਹਿਬ, 30 ਅਗਸਤ, ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਨੇ ਸਥਾਨਕ ਗਾਂਧੀ ਨਗਰ ਸਥਿਤ 57ਵਾਂ ਮੁਫਤ ਕਟਾਈ ਸਿਲਾਈ ਸੈਂਟਰ ਖੋਲਿ੍ਹਆ। ਇਸ ਮੌਕੇ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਸੀਨੀਅਰ ਮੋਸਟ ਮੈਂਬਰ ਇੰਜ. ਅਸੋਕ ਕੁਮਾਰ ਭਾਰਤੀ, ਲਾਇਨ ਨਿਰੰਜਣ ਸਿੰਘ ਰੱਖਰਾ, ਪਵਨ ਫੋਟੋ ਗ੍ਰਾਫਰ, ਕਾਂਗਰਸੀ ਆਗੂ ਸਰਵਣ ਸਿੰਘ ਅਤੇ ਨਰਿੰਦਰ ਕਾਕਾ ਆਦਿ ਸਮੇਤ ਏਕਮ, ਹਰਜਿੰਦਰ, ਬਬੀਤਾ, ਕਸ਼ਿਸ਼, ਪਿ੍ਰਅੰਕਾ ਅਤੇ ਨਿਸ਼ਾ ਆਦਿ ਮੌਜੂਦ ਸਨ। ਸੈਂਟਰ ਦਾ ਉਦਘਾਟਨ ਪ੍ਰਸਿੱਧ ਸਮਾਜ ਸੇਵਕ ਮੈਡਮ ਪੂਨਮ ਅਰੋੜਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਦਘਾਟਨ ਉਪਰੰਤ ਮੈਡਮ ਅਰੋੜਾ ਨੇ ਕਿਹਾ ਕਿ ਸਮਾਜ ਸੇਵਾ ਦੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਸਮੁੱਚੇ ਸਮਾਜ ਦਾ ਮਾਣ ਹੁੰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਨਮ ਅਸ਼ਟਮੀ ਦਿਵਸ ਮੌਕੇ ਐਲ.ਬੀ.ਸੀ.ਟੀ. ਵੱਲੋਂ ਕਟਾਈ ਸਿਲਾਈ ਸੈਂਟਰ ਖੋਲਿ੍ਹਆ ਜਾਣਾ ਬੇਹੱਦ ਹੀ ਪਵਿੱਤਰ ਕਾਰਜ ਹੈ। ਇਸ ਸਮੇਂ ਚੇਅਰਮੈਨ ਢੋਸੀਵਾਲ ਨੇ ਸਭਨਾਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਸੈਂਟਰ ਵਿਚ ਟਰੇਂਡ ਕਟਾਈ ਸਿਲਾਈ ਟੀਚਰ ਮੈਡਮ ਨਵਨੀਤ ਕੌਰ ਵੱਲੋਂ ਸਿਖਿਆਰਥਣਾਂ ਨੂੰ ਛੇ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਕੋਰਸ ਪੂਰਾ ਹੋਣ ਉਪਰੰਤ ਸਫਲ ਸਿਖਿਆਰਥਣਾਂ ਨੂੰ ਟਰੱਸਟ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 56 ਮੁਫਤ ਕਟਾਈ ਸਿਲਾਈ ਸੈਂਟਰ ਖੋਲ੍ਹ ਕੇ ਕਈ ਸੈਂਕੜੇ ਲੜਕੀਆਂ ਨੂੰ ਰੁਜ਼ਗਾਰ ਦੇ ਕਾਬਲ ਬਣਾਇਆ ਜਾ ਚੁੱਕਾ ਹੈ। ਢੋਸੀਵਾਲ ਨੇ ਇਹ ਸੈਂਟਰ ਖੁਲ੍ਹਵਾਏ ਜਾਣ ਵਿਚ ਖਾਸ ਸਹਿਯੋਗ ਦੇਣ ਲਈ ਟਰੱਸਟ ਵੱਲੋਂ ਕਈ ਸਾਲ ਤੱਕ ਸਿਖਿਆਰਥਣਾਂ ਨੂੰ ਸਫਲ ਸਿਖਲਾਈ ਦੇਣ ਵਾਲੀ ਟੀਚਰ ਮੈਡਮ ਬਰਖਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਸੈਂਟਰ ਖੋਲ੍ਹੇ ਜਾਣ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।